Sant Aattar Singh ji Di Mata Da Sangat Roop Hona | | Sakhi - 38 | Sant Attar Singh ji Mastuana Wale
Description
ਸੰਤ ਅਤਰ ਸਿੰਘ ਜੀ ਦੀ ਮਾਤਾ ਦਾ ਸੰਗਤ ਰੂਪ ਹੋਣਾ
ਸੰਤ ਜੀ ਦੀ ਮਾਤਾ, ਮਾਤਾ ਭੋਲੀ ਜੀ ਨੂੰ ਸੰਤ ਜੀ ਦਾ ਛੋਟਾ ਭਰਾ ਜੈ ਸਿੰਘ ਬਹੁਤ ਤੰਗ ਕਰਦਾ ਸੀ। ਉਹ ਕਹਿੰਦਾ ਕਿ ਜਿਸ ਪੁੱਤਰ ਨੂੰ ਤੂੰ ਦਹੀਂ ਮੱਖਣ ਖੁਵਾਉਂਦੀ ਸੀ, ਜਿਹੜਾ ਫ਼ਕੀਰ ਹੋ ਗਿਆ ਹੈ, ਜਾ ਹੁਣ ਉਸ ਕੋਲ ਚਲੀ ਜਾ, ਦੇਖਦੇ ਹਾਂ ਤੈਨੂੰ ਕਿਵੇਂ ਰੋਟੀਆਂ ਖੁਵਾਉਂਦਾ ਹੈ। ਜਿਉਂ ਹੀ ਸੰਤਾਂ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਇੱਕ ਸੇਵਾਦਾਰ ਨੂੰ ਭੇਜ ਕੇ ਮਾਤਾ ਜੀ ਨੂੰ ਆਪਣੇ ਪਾਸ ਡੇਰਾ ਖ਼ਾਲਸਾ ਬੁਲਾ ਲਿਆ।
ਸੰਤ ਜੀ ਜਦੋਂ ਪਿੰਡ ਦੀਆਂ ਗੁਫਾਵਾਂ ਵਿੱਚ ਸ਼ਾਮ ਦਾ ਦੀਵਾਨ ਸਜਾਉਂਦੇ ਤਾਂ ਸੰਗਤਾਂ ਉੱਥੋਂ ਦੀ ਰੀਤੀ-ਰਿਵਾਜ ਮੁਤਾਬਕ ਸਤਿਕਾਰ ਲਈ ਗੁਫ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਦੀਆਂ। ਜਦੋਂ ਮਾਤਾ ਭੋਲੀ ਜੀ ਦੀਵਾਨ ਵਿੱਚ ਆਏ ਤਾਂ ਉਨ੍ਹਾਂ ਨੇ ਮਾਲਵੇ ਦਾ ਸਧਾਰਨ ਪਹਿਰਾਵਾ ਖੱਦਰ ਦਾ ਘੱਘਰਾ, ਕੁੜਤੀ ਤੇ ਸਿਰ 'ਤੇ ਚਾਦਰ ਲਈ ਹੋਈ ਸੀ। ਸੰਗਤਾਂ ਨੇ ਦੇਖ ਕੇ ਹੈਰਾਨੀ ਵਿੱਚ ਸੋਚਿਆ ਕਿ ਐਨੀ ਸਧਾਰਨ ਔਰਤ ਕੌਣ ਹੈ? ਜਦੋਂ ਸੰਤ ਜੀ ਮਹਾਰਾਜ ਨੇ ਮਾਤਾ ਜੀ ਨੂੰ ਦੇਖਿਆ, ਦੋਨੋਂ ਹੱਥ ਜੋੜ, ਖੜ੍ਹੇ ਹੋ ਕੇ ਮੱਥਾ ਟੇਕਿਆ। ਸੰਤਾਂ ਦੀ ਅਤਿ ਗਰੀਬੀ ਦੀ ਦਸ਼ਾ ਨੂੰ ਵੇਖ ਕੇ ਸੰਗਤਾਂ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਅਤੇ ਸਹਿਜ-ਸੁਭਾਇ ਸਾਰਿਆਂ ਦੇ ਮੁਖ਼ਾਰਬਿੰਦ ਤੋਂ ਇਹ ਸ਼ਬਦ ਨਿਕਲਿਆ ਕਿ ਇਹ ਉਹੀ ਧੰਨ ਮਾਤਾ ਹੈ, ਜਿਸ ਨੇ ਇਸ ਬ੍ਰਹਿਮੰਡ ਦੇ ਬ੍ਰਹਮ-ਗਿਆਨੀ ਨੂੰ ਜਨਮ ਦਿੱਤਾ ਹੈ ਤੇ ਬਾਬਾ ਫ਼ਰੀਦ ਜੀ ਦੀ ਇਹ ਤੁਕ ਯਾਦ ਆ ਗਈ:
ਤਿਨ ਧੰਨ ਜਣੇਦੀ ਮਾਉ ਆਏ ਸਫਲੁ ਸੇ ॥ (੪੮੮)
ਸੰਤ ਜੀ ਮਹਾਰਾਜ ਨੇ ਮਾਤਾ ਜੀ ਨੂੰ ਬੜੇ ਸਤਿਕਾਰ ਅਤੇ ਨਿਮਰਤਾ ਨਾਲ ਪੁੱਛਿਆ, "ਮਾਤਾ ਜੀ! ਕੀ ਅਸੀਂ ਕੋਈ ਮਾੜੇ ਕੰਮ ਤਾਂ ਨਹੀਂ ਲੱਗੇ?" ਮਾਤਾ ਜੀ ਨੇ ਬੜੇ ਭੋਲੇ-ਭਾਲੇ ਸ਼ਬਦਾਂ ਵਿੱਚ ਉੱਤਰ ਦਿੱਤਾ, "ਨਹੀਂ ਪੁੱਤ! ਤੂੰ ਬੜੇ ਹੀ ਭਲੇ ਪਾਸੇ ਲੱਗਾ ਹੈਂ।" ਦੀਵਾਨ ਦੀ ਸਮਾਪਤੀ 'ਤੇ ਕੇਲਿਆਂ ਦਾ ਪ੍ਰਸ਼ਾਦ ਵਰਤਿਆ ਅਤੇ ਮਾਤਾ ਜੀ ਹੱਥ ਵਿੱਚ ਕੇਲਾ ਲੈ ਕੇ ਉਸ ਨੂੰ ਕੁਝ ਦੇਰ ਇਧਰ-ਉਧਰ ਦੇਖਦੇ ਰਹੇ। ਸੰਤ ਜੀ ਨੇ ਮਾਤਾ ਜੀ ਤੋਂ ਕੇਲਾ ਲਿਆ ਤੇ ਛਿਲ ਕੇ ਆਪ ਉਨ੍ਹਾਂ ਨੂੰ ਛਕਾਇਆ, ਜਿਸ ਤੋਂ ਸੰਗਤਾਂ ਨੇ ਅਨੁਭਵ ਕੀਤਾ ਕਿ ਮਾਤਾ ਜੀ ਇੰਨੇ ਭੋਲੇ ਹਨ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੇਲਾ ਹੀ ਨਹੀਂ ਦੇਖਿਆ? ਮਾਤਾ ਜੀ ਨੇ ਕੁਝ ਦਿਨ ਰਹਿ ਕੇ ਸਤਿਸੰਗ ਦਾ ਆਨੰਦ ਮਾਣਿਆ ਤੇ ਫਿਰ ਘਰ ਜਾਣ ਲਈ ਸੰਤ ਪੁੱਤਰ ਤੋਂ ਆਗਿਆ ਮੰਗੀ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਮਾਤਾ ਜੀ ਹੁਣ ਚੂਹੇ ਦੀ ਖੁੱਡ (ਘਰ) ਵਿੱਚ ਕੀ ਵੜਨਾ ਹੈ, ਸਾਧ-ਸੰਗਤ ਵਿੱਚ ਰਹਿ ਕੇ ਹੀ ਨਾਮ-ਬਾਣੀ ਸਿਮਰਨ ਕਰਕੇ ਸੱਚੇ ਦੇਸ਼ (ਨਿਰੰਕਾਰ ਦੇ ਦੇਸ਼) ਅਪੜਨ ਦੀ ਤਿਆਰੀ ਕਰੋ। ਫਿਰ ਮਾਤਾ ਜੀ ਨੇ ਸਤਿ ਬਚਨ ਕਿਹਾ ਤੇ ਸੰਤ ਪੁੱਤਰ ਵੱਲੋਂ ਦੱਸਿਆ, ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਸਾਰੀ ਉਮਰ ਕਮਾਇਆ ਤੇ ਮੁਕਤੀ ਪ੍ਰਾਪਤ ਕੀਤੀ।